News and Events

News And Events

ਮੇਲੇ ਦਾ ਅੱਠਵਾਂ ਦਿਨ ਪੰਜਾਬ ਚੰਗੇ ਭਵਿੱਖ ਦੇ ਨਾਮ

 

 

ਅੱਜ ਹਰ ਪੰਜਾਬੀ ਆਪਣੇ ਭਵਿੱਖ ਤੋਂ ਡਰਿਆ ਹੋਇਐ: ਡਾ. ਸੁਮੇਲ ਸਿੰਘ ਸਿੱਧੂ
ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਅੱਠਵਾਂ ਦਿਨ ਪੰਜਾਬ ਦੇ ਬਿਹਤਰ ਭਵਿੱਖ ਦੀ ਤਲਾਸ਼ ਨੂੰ ਰਿਹਾ ਸਮਰਪਿਤ
ਏਜੰਡਾ ਪੰਜਾਬ ਚੰਗੇ ਭਵਿੱਖ ਦੀ ਤਲਾਸ਼

ਅੰਮ੍ਰਿਤਸਰ, 12 ਮਾਰਚ। ਅੱਜ ਹਰ ਪੰਜਾਬੀ ਆਪਣੇ ਭਵਿੱਖ ਤੋਂ ਡਰਿਆ ਹੋਇਆ ਹੈ, ਇਸ ਕਰਕੇ ਉਸ ਦਾ ਪੰਜਾਬ ਨਾਲ ਮੋਹ ਟੁੱਟ ਗਿਆ ਹੈ ਤੇ ਉਸ ਦਾ ਪੰਜਾਬ ਵਿਚ ਰਹਿਣ ਨੂੰ ਜੀਅ ਨਹੀਂ ਕਰਦਾ। ਇਹ ਵਿਚਾਰ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਅੱਠਵੇਂ ਦਿਨ ਇਤਿਹਾਸਕਾਰ ਡਾ. ਸੁਮੇਲ ਸਿੰਘ ਸਿੱਧੂ ਨੇ ਪੰਜਾਬੀ ਨਜ਼ਰੀਏ ਦੀ ਬੁਨਿਆਦ ਤੇ ਵੰਗਾਰਾਂ ਵਿਸ਼ੇ ’ਤੇ ਬੋਲਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਜਿਹੜੀ ਪੰਜਾਬੀ ਭਾਸ਼ਾ ਬੋਲੀ ਪੰਜਾਬੀ ਵਿਦਵਾਨ ਕਾਲਜਾਂ ਯੂਨੀਵਰਸਿਟੀਆਂ ਵਿਚ ਪੜ੍ਹਾਉਂਦੇ ਤੇ ਲਿਖਦੇ ਹਨ ਉਹ ਪੰਜਾਬੀ ਹੈ ਹੀ ਨਹੀਂ। ਇਸ ਕਰਕੇ ਆਮ ਲੋਕਾਂ ਦੇ ਮਨਾਂ ਤੋਂ ਪੰਜਾਬੀ ਬੋਲੀ ਲਹਿ ਚੁੱਕੀ ਹੈ। ਕੁਝ ਲੋਕ ਮਜਬੂਰੀ ਵਿਚ ਪੰਜਾਬੀ ਬੋਲਦੇ ਲਿਖਦੇ ਹਨ ਕਿਉਂਕਿ ਇਹ ਉਨ੍ਹਾਂ ਦੀ ਰੁਜ਼ਗਾਰ ਨਾਲ ਜੁੜੀ ਹੈ। ਉਨ੍ਹਾਂ ਇਤਿਹਾਸਕ ਹਵਾਲਿਆਂ ਨਾਲ ਗੱਲ ਕਰਦਿਆਂ ਕਿਹਾ ਕਿ ਪਹਿਲੇ ਪੰਜਾਬੀ ਵਿਦਵਾਨ ਦੂਸਰੇ ਵਿਸ਼ਿਆਂ ਨਾਲ ਜੁੜੇ ਰਹੇ ’ਤੇ ਉਨ੍ਹਾਂ ਨੇ ਹਰ ਭਾਸ਼ਾ ਤੇ ਵਿਸ਼ੇ ਰਾਹੀਂ ਗਿਆਨ ਹਾਸਲ ਕਰਕੇ ਉਸ ਨੂੰ ਪੰਜਾਬੀ ਭਾਸ਼ਾ ਵਿਚ ਪੰਜਾਬੀਆਂ ਤੇ ਪੰਜਾਬ ਦੇ ਭਲੇ ਲਈ ਲਿਆਂਦਾ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਵਿਚ ਚਾਹੇ ਭਾਸ਼ਾ ਹੋਵੇ ਜਾਂ ਸਮਾਜਿਕ, ਸਿਆਸੀ ਤੇ ਆਰਥਕ ਸੰਕਟ ਇਸ ਦੀ ਜ਼ਿੰਮੇਵਾਰੀ ਸਿਰਫ਼ ਸਿਆਸਤਦਾਨਾਂ ਦੀ ਨਹੀਂ ਸਗੋਂ ਉਨ੍ਹਾਂ ਪੰਜਾਬੀਆਂ ਦੀ ਵੀ ਹੈ ਜੋ ਇਨ੍ਹਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਵਿਦਵਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਜਿਹੜੀ ਗੱਲ ਕਰਦੇ ਹਨ ਉਹ ਕਿੰਨ੍ਹਾਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਜਦੋਂ ਤੱਕ ਉਹ ਇਹ ਨਹੀਂ ਸਮਝਦੇ ਉਹ ਪੰਜਾਬੀ ਬੋਲੀ ਨਾਲ ਲੋਕਾਂ ਨੂੰ ਜੋੜਨ ਵਿਚ ਅਸਫ਼ਲ ਰਹਿਣਗੇ।
ਇਸ ਵਿਸ਼ੇ ’ਤੇ ਬੋਲਦਿਆਂ ਉੱਘੇ ਪੰਜਾਬੀ ਵਿਦਵਾਨ ਡਾ. ਪਰਮਜੀਤ ਢੀਂਗਰਾ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ 50 ਹਜ਼ਾਰ ਪੰਜਾਬੀਆਂ ਨੇ ਆਪਣੇ ਖ਼ੂਨ ਨਾਲ ਚਿੱਠੀ ਲਿਖ ਕੇ ਅੰਗਰੇਜ਼ ਸਰਕਾਰ ਨੂੰ ਭੇਜੀ ਸੀ। ਉਨ੍ਹਾਂ ਦੀ ਮੰਗ ਸੀ ਕਿ ਪੰਜਾਬ ਦੇ ਸਕੂਲਾਂ ਵਿਚ ਸਿੱਖਿਆ ਦਾ ਮਾਧਿਅਮ ਪੰਜਾਬੀ ਹੋਣਾ ਚਾਹੀਦਾ ਹੈ। ਜਦ ਕਿ ਅੰਗਰੇਜ਼ ਚਾਹੁੰਦੇ ਸਨ ਕਿ ਸਮੁੱਚੇ ਸਿੱਖਿਆ ਢਾਂਚੇ ਨੂੰ ਅੰਗਰੇਜ਼ੀ ਮਾਧਿਅਮ ਅਨੁਸਾਰ ਢਾਲਿਆ ਜਾਵੇ।
ਇਸ ਤੋਂ ਪਹਿਲਾਂ ਦਿਨ ਦੇ ਪਹਿਲੇ ਸੈਸ਼ਨ ‘ਏਜੰਡਾ ਪੰਜਾਬ : ਚੰਗੇ ਭਵਿੱਖ ਦੀ ਤਲਾਸ਼’ ਦੀ ਸ਼ੁਰੂਆਤ ਕਰਦਿਆਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਅੱਜ ਨਾਨਕ ਸਿੰਘ ਤੇ ਜਸਵੰਤ ਸਿੰਘ ਵਰਗੇ ਲੇਖਕਾਂ ਦੀਆਂ ਉਹ ਲਿਖਤਾਂ ਲੋਕਾਂ ਦੇ ਚੇਤਿਆਂ ਵਿਚ ਵਸੀਆਂ ਹੋਈਆਂ ਹਨ ਕਿਉਂਕਿ ਉਨ੍ਹਾਂ ਵਿਚ ਸਥਾਨਕਤਾ ਮੌਜੂਦ ਸੀ। ਇਸ ਵਿਚ ਸਥਾਨਕ ਠੇਠ ਬੋਲੀ ਤੇ ਸਭਿਆਚਾਰ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਿਆਸਦਾਨ ਵੀ ਉਹੀ ਚੇਤੇ ਰੱਖੇ ਗਏ ਜਿਹੜੇ ਪੰਜਾਬ ਦੀਆਂ ਜੜਾਂ ਨਾਲ ਜੁੜ ਕੇ ਰਹੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੇ ਜੋ ਨਵੀਂ ਸਿਆਸੀ ਕਰਵਟ ਲਈ ਹੈ, ਉਹ ਤਾਂ ਹੀ ਕਾਮਯਾਬ ਹੋਵੇਗੀ ਜੇ ਉਹ ਪੰਜਾਬ ਦੇ ਲੋਕਾਂ ਦੇ ਮਨਾਂ ਨਾਲ ਜੁੜ ਸਕੀ। ਜੇ ਉਸ ਨੇ ਦਿੱਲੀ ਦਾ ਏਜੰਡਾ ਪੰਜਾਬ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬੀ ਇਸ ਨੂੰ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੰਕਟ ਵਿਚੋਂ ਕੱਢਣ ਲਈ ਖੇਤੀ ਆਧਾਰਤ ਉਦਯੋਗ ਤੇ ਵਾਤਾਵਰਨ ਪੱਖੀ ਵਿਕਾਸ ਦਾ ਰਾਹ ਅਪਣਾਉਣਾ ਪਵੇਗਾ।
ਇਸ ਵਿਚਾਰ ਚਰਚਾ ਦਾ ਸੰਚਾਲਨ ਕਰਦਿਆਂ ਡਾ. ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਪੰਜਾਬ ਦੀ ਸਮੱਸਿਆ ਬਾਰੇ ਸਹੀ ਜਾਣਕਾਰੀ ਨਹੀਂ ਉਦੋਂ ਤੱਕ ਇਸ ਦਾ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਹੁਣ ਖਾਉ, ਪੀਉ, ਐਸ਼ ਕਰੋ ਵਾਲੀ ਪ੍ਰਵਿਰਤੀ ਤਿਆਗ ਕੇ ਪੰਜਾਬ ਨੂੰ ਬਚਾਉਣ ਦੇ ਰਾਹ ਤੁਰਨਾ ਪਵੇਗਾ। ਇਸ ਲਈ ਸਾਨੂੰ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਪਵੇਗਾ। ਉੱਘੇ ਆਲੋਚਕ ਤੇ ਚਿੰਤਕ ਡਾ. ਮਨਮੋਹਨ ਸਿੰਘ ਨੇ ਇਸ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਸਮੱਸਿਆ ਦੀ ਪਛਾਣ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਸਾਨੂੰ ਆਪਣੀ ਪਛਾਣ ਹੋਵੇ। ਉਨ੍ਹਾਂ ਕਿਹਾ ਕਿ ਉਦਾਰੀਕਰਨ ਬੁਰਾ ਨਹੀਂ ਹੈ, ਸਮੱਸਿਆ ਉਸ ਨੂੰ ਲੋਕ ਭਲਾਈ ਨਾਲ ਜੋੜਨ ਦੀ ਹੈ। ਜਦੋਂ ਤੱਕ ਇਸ ਨੂੰ ਲੋਕ ਭਲਾਈ ਨਾਲ ਨਹੀਂ ਜੋੜਿਆ ਜਾਂਦਾ ਉਦੋਂ ਤੱਕ ਇਹ ਸੰਕਟ ਪੈਦਾ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਦੋ ਦੇਸ਼ਾਂ ਦੇ ਸਿਧਾਂਤ ਦੇ ਖ਼ਿਲਾਫ਼ ਸਭ ਤੋਂ ਪਹਿਲੀ ਆਵਾਜ਼ ਪੰਜਾਬ ਨੇ ਚੁੱਕੀ ਸੀ। ਅੱਜ ਫੇਰ ਪੰਜਾਬ ਨੇ ਤਬਦੀਲੀ ਦੀ ਆਵਾਜ਼ ਬੁਲੰਦ ਕੀਤੀ ਹੈ। ਉੱਘੇ ਪੰਜਾਬੀ ਚਿੰਤਕ ਡਾ. ਅਮਰਜੀਤ ਸਿੰਘ ਗਰੇਵਾਲ ਕਿ ਉਦਾਰੀਕਰਨ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸੱਤਾ ਤੇ ਤਾਕਤ ਦੇ ਕੇਂਦਰੀਕਰਨ ਨੂੰ ਖ਼ਤਮ ਕਰਨ ਨਾਲ ਜ਼ਮੀਨੀ ਪੱਧਰ ’ਤੇ ਲਿਆਉਣਾ ਪਵੇਗਾ। ਉਨ੍ਹਾਂ ਸੋਲਰ ਊਰਜਾ ਦਾ ਹਵਾਲਾ ਦਿੰਦਿਆ ਦੱਸਿਆ ਕਿ ਅੱਜ ਹਰ ਕੋਈ ਸੋਲਰ ਊਰਜਾ ਵੱਲ ਵਧ ਰਿਹਾ ਹੈ, ਜਿਸ ਨਾਲ ਹਰ ਵਿਅਕਤੀ ਬਿਜਲੀ ਪੈਦਾ ਕਰ ਰਿਹਾ ਹੈ ਤੇ ਸਰਕਾਰੀ ਪੂਲ ਵਿਚ ਯੋਗਦਾਨ ਦੇ ਰਿਹਾ ਹੈ। ਇਹ ਸੱਤਾ ਤੇ ਤਾਕਤ ਦੇ ਕੇਂਦਰੀਕਰਨ ਨੂੰ ਤੋੜਨ ਦੀ ਇਕ ਵੱਡੀ ਮਿਸਾਲ ਹੈ। ਇਸ ਤਰ੍ਹਾਂ ਪੰਜਾਬ ਵਿਚ ਸਵੈ-ਰੁਜ਼ਗਾਰ ਤੇ ਉੱਦਮ ਆਧਾਰਤ ਕਾਰਜਾਂ ਨੂੰ ਉਤਸ਼ਾਹਤ ਕਰਨਾ ਹੋਵੇਗਾ।
ਸਭਿਆਚਾਰਕ ਪ੍ਰੋਗਰਾਮਾਂ ਦੀ ਲੜੀ ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਨਾਮਵਰ ਕੱਵਾਲਾਂ ਦੀਆਂ ਕੱਵਾਲੀਆਂ ਦਾ ਸੰਗੀਤਮਈ ਰੰਗ ਪੇਸ਼ ਕੀਤਾ ਗਿਆ। ਇਸ ਬਾਰੇ ਬੋਲਦਿਆਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਮੁਖੀ ਡਾ. ਕੇਵਲ ਧਾਲੀਵਾਲ ਨੇ ਕਿਹਾ ਕਿ ਇਸ ਉਤਾਸਵ ਰਾਹੀਂ ਪੰਜਾਬ ਦੀਆਂ ਵੱਖ-ਵੱਖ ਲੋਕ ਕਲਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਮਿਲਿਆ ਹੈ। ਖ਼ਾਲਸਾ ਕਾਲਜ ਨੇ ਹਮੇਸ਼ਾ ਵਿੱਦਿਆ ਦੇ ਨਾਲ-ਨਾਲ ਪੋੰਜਾਬ ਦੇ ਲੋਕ ਸੰਗੀਤ ਤੇ ਕਲਾਵਾਂ ਨੂੰ ਉਤਸ਼ਾਹਤ ਕੀਤਾ ਹੈ। ਉਪਰੰਤ ਖ਼ਾਲਸਾ ਕਾਲਜ ਦੇ ਸੰਗੀਤ ਤੇ ਸਭਿਆਚਾਰ ਵਿਭਾਗ ਵੱਲੋਂ ਆਧੁਨਿਕ ਸੂਫੀ ਗਾਇਕੀ ਦੇ ਰੰਗਾਂ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਮੇਲੇ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ 13 ਮਾਰਚ ਐਤਵਾਰ ਨੂੰ ਮੇਲੇ ਦਾ ਆਖਰੀ ਦਿਨ ਸਾਹਿਤਕ ਗਾਇਕੀ ਨੂੰ ਸਮਰਪਿਤ ਰਹੇਗਾ। ਉੱਘੇ ਗਾਇਕ ਪ੍ਰੀਤਮ ਰੁਪਾਲ ਅਤੇ ਹੋਰ ਗਾਇਕ ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਹਰਿਭਜਨ ਸਿੰਘ, ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਦੀ ਸ਼ਾਇਰੀ ਦਾ ਗਾਇਨ ਕਰਨਗੇ। ਦੁਪਹਿਰ ਸਮੇਂ ਕਵੀਸ਼ਰੀ ਅਤੇ ਹੋਰ ਵੰਨਗੀਆਂ ਸੁਣਨ ਨੂੰ ਮਿਲਣਗੀਆਂ। ਬਾਅਦ ਦੁਪਹਿਰ ਵਿਦਾਇਗੀ ਸਮਾਰੋਹ ਨਾਲ ਮੇਲਾ ਆਪਣੇ ਸਿਖਰ ਨੂੰ ਛੋਹੇਗਾ।