News and Events

News And Events

ਮੇਲੇ ਦਾ ਛੇਵਾਂ ਦਿਨ ਨਾਰੀ ਮਨ ਦੀਆਂ ਬਾਤਾਂ ਦੇ ਨਾਮ

 

ਲੇਖਕਾਵਾਂ ਦੀਆਂ ਕਹਾਣੀਆਂ ਵਿਚ ਔਰਤਾਂ ਹੀ ਨਹੀਂ ਸਮਾਜ ਦੇ ਮਸਲਿਆਂ ਦੀ ਹੁੰਦੀ ਗੱਲ: ਤ੍ਰਿਪਤਾ ਕੇ ਸਿੰਘ
ਅੰਮ੍ਰਿਤਸਰ ਸਾਹਿਤ ਉਤਸਵ ਪੁਸਤਕ ਮੇਲਾ 2022 ਦਾ ਛੇਵਾਂ ਦਿਨ ਰਿਹਾ ਨਾਰੀ ਮਨ ਦੀਆਂ ਬਾਤਾਂ ਦੇ ਨਾਮ

ਅੰਮ੍ਰਿਤਸਰ (10 ਮਾਰਚ 2022): ਇਸ ਵਿਚ ਕੋਈ ਦੋ ਰਾਇ ਨਹੀਂ ਕਿ ਕਹਾਣੀਆਂ ਲਿਖਣ ਵਾਲੀਆਂ ਲੇਖਕਾਵਾਂ ਆਪਣੀਆਂ ਕਹਾਣੀਆਂ ਵਿਚ ਸਮਾਜ ਦੇ ਵੱਖ-ਵੱਖ ਮਸਲਿਆਂ ਦੀ ਗੱਲ ਕਰ ਰਹੀਆਂ। ਪਰ ਫਿਲਹਾਲ ਔਰਤਾਂ ਦਾ ਆਪਣੀਆਂ ਸਮੱਸਿਆਵਾ ਬਾਰੇ ਲਿਖਣ ਦਾ ਦਾਇਰਾ ਹੀ ਇੰਨਾ ਵੱਡਾ ਹੈ ਕਿ ਹੋਰਾਂ ਦੇ ਮਸਲੇ ਥੋੜ੍ਹੀ ਉਡੀਕ ਕਰ ਸਕਦੇ ਹਨ। ਇਹ ਵਿਚਾਰ ਕਹਾਣੀਕਾਰਾ ਤ੍ਰਿਪਤਾ ਕੇ ਸਿੰਘ ਨੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2022 ਦੇ ਛੇਵੇਂ ਦਿਨ ‘ਔਰਤ ਮਨ ਦੀਆਂ ਬਾਤਾਂ’ ਸਿਰਲੇਖ ਹੇਠ ਨਾਰੀ ਕਹਾਣੀਕਾਰਾਂ ਦੀ ਪੈਨਲ ਚਰਚਾ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿਚ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਗੁੰਝਲਾਂ ਵਿਚ ਉਲਝਣਾ ਪਿਆ। ਪਰ ਉਨ੍ਹਾਂ ਆਪਣੇ ਸੁਪਨਿਆਂ ਦਾ ਸਿਰਾ ਫੜੀ ਰੱਖਿਆ ਤੇ ਆਪਣੇ ਅੰਦਰ ਪਈ ਲੇਖਕਾ ਨੂੰ ਤਿਆਰ ਕੀਤਾ। ਉਨ੍ਹਾਂ ਵਿਿਦਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਆਪਣੇ ਸੁਪਨਿਆਂ ਨੂੰ ਕਦੇ ਵੀ ਪਿੱਛੇ ਨਹੀਂ ਛੱਡਣਾ ਚਾਹੀਦਾ। ਸੁਪਨਾ ਸੱਚ ਕਰਨ ਦੀ ਕੋਈ ਵੀ ਉਮਰ ਨਹੀਂ ਹੁੰਦੀ। ਜਿਵੇਂ ਉਨ੍ਹਾਂ ਨੇ ਵਡੇਰੀ ਉਮਰ ਵਿਚ ਆਪਣਾ ਸੁਪਨਾ ਸੱਚ ਕੀਤਾ, ਕੋਈ ਵੀ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਚਪਨ ਤੋਂ ਇਕੱਲ ਹੰਢਾਈ। ਇਕੱਲਤਾ ਨੇ ਉਨ੍ਹਾਂ ਦੇ ਮਨ ਨੂੰ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਬਰਾਬਰੀ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ ਪਰ ਅਸਲ ਜੀਵਨ ਵਿਚ ਔਰਤ ਮਰਦ ਦੀ ਬਰਾਬਰੀ ਨਹੀਂ ਹੈ।
ਕਹਾਣੀਕਾਰਾ ਅਰਵਿੰਦਰ ਧਾਲੀਵਾਲ ਨੇ ਮਨ ਦੀਆਂ ਬਾਤਾਂ ਕਰਦਿਆਂ ਕਿਹਾ ਕਿ ਚੜ੍ਹਦੀ ਉਮਰ ਵਿਚ ਮਨ ਦੇ ਜੋ ਵਲਵਲੇ ਸਨ ਉਹ ਉਨ੍ਹਾਂ ਨੇ ਆਪਣੀਆਂ ਲਿਖਤਾਂ ਦੇ ਰਾਹੀਂ ਪ੍ਰਗਟ ਕੀਤੇ। ਪਰ ਸਿਰਜਣਾ ਸ਼ੁਰੂ ਕਰਨ ਤੋਂ ਪਹਿਲਾਂ ਲੰਮਾ ਅਧਿਐਨ ਉਨ੍ਹਾਂ ਦੀ ਟੇਕ ਬਣਿਆ। ਉਨ੍ਹਾਂ ਨੇ ਖ਼ੂਬ ਸਾਹਿਤ ਪੜ੍ਹ ਕੇ ਸਿਰਜਣਾ ਸਿਰਜਣਾ ਵੱਲ ਕਦਮ ਵਧਾਇਆ। ਇਸ ਲਈ ਅੱਜ ਅਸੀਂ ਆਪਣੀ ਸਿਰਜਣਾ ਦੀ ਅਲੋਚਨਾ ਵੀ ਆਪ ਕਰ ਸਕਦੀਆਂ ਹਾਂ। ਉਨ੍ਹਾਂ ਨੇ ਕਿਹਾ ਕਿ ਉਰਦੂ ਦੇ ਅਧਿਐਨ ਨੇ ਕਹਾਣੀ ਸਿਰਜਣਾ ਵਿਚ ਵੱਡੀ ਭੂਮਿਕਾ ਨਿਭਾਈ। ਸਾਅਦਤ ਹਸਨ ਮੰਟੋ ਦੀ ਕਹਾਣੀ ਠੰਢਾ ਗੋਸ਼ਤ ਉਰਦੂ ਵਿਚ ਪੜ੍ਹਨ ਤੋਂ ਬਾਅਦ ਆਪਣੀ ਕਹਾਣੀ ਝਾਂਜਰਾਂ ਵਾਲੇ ਪੈਰ ਲਿਖੀ।
ਕਹਾਣੀਕਾਰਾ ਸਰਘੀ ਨੇ ਕਿਹਾ ਕਿ ਮੇਰੇ ਘਰ ਵਿਚ ਬਾਤਾਂ ਵੀ ਸਨ, ਕਿਤਾਬਾਂ ਵੀ ਸਨ ਤੇ ਕਿਤਾਬਾਂ ਵਰਗੇ ਲੋਕ ਵੀ ਸਨ, ਜਿਨ੍ਹਾਂ ਨੇ ਮੈਨੂੰ ਕਹਾਣੀ ਲਿਖਣ ਵਾਸਤੇ ਪ੍ਰੇਰਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਔਰਤ ਵੱਲੋਂ ਲਿਖੀ ਗਈ ਕਹਾਣੀ ਉਸ ਦੀ ਸਵੈ-ਜੀਵਨੀ ਨਹੀਂ ਹੁੰਦੀ, ਬਲਕਿ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਫਰਾਇਡ ਦੇ ਹਵਾਲੇ ਨਾਲ ਸਰਘੀ ਨੇ ਕਿਹਾ ਕਿ ਲੇਖਕ ਦਾ ਅਵਚੇਤਨ ਮਨ ਸਿਜਰਣਾਸ਼ੀਲ ਹੁੰਦਾ ਹੈ, ਜਿਸ ਵਿਚੋਂ ਸਾਹਿਤਕ ਸਿਰਜਣਾ ਹੁੰਦੀ ਹੈ। ਔਰਤ ਤੇ ਮਰਦ ਦੀ ਸਮਾਜਿਕ ਵੰਡ ਵੀ ਵਾਜਿਬ ਨਹੀਂ ਹੈ ਕਿਉਂਕਿ ਪਿੱਤਰਕੀ ਦਾਬਾ ਦੋਵਾਂ ਨੂੰ ਇਕੋ ਜਿੰਨਾ ਆਪਣੇ ਗ਼ਲਬੇ ਵਿਚ ਲੈਂਦਾ ਹੈ।
ਕਹਾਣੀਕਾਰਾ ਦੀਪਤੀ ਬਬੂਟਾ ਨੇ ਕਿਹਾ ਕਿ ਉਹ ਮੁੱਢ ਤੋਂ ਹੀ ਸੋਚਦੇ ਸਨ ਕਿ ਉਹ ਦੂਸਰਿਆਂ ਤੋਂ ਵੱਖਰੀ ਕਿਵੇਂ ਹੈ। ਫਿਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਲੇਖਕ ਹਨ ਤੇ ਇਹੀ ਉਨ੍ਹਾਂ ਦੀ ਵਿਲੱਖਣਤਾ ਹੈ। ਉਨ੍ਹਾਂ ਦੇ ਪਿਤਾ ਕਾਮਰੇਡ ਸਨ, ਘਰ ਦਾ ਮਾਹੌਲ ਸਾਹਿਤ ਤੇ ਸਿਰਜਣਾ ਲਈ ਵਧੀਆ ਸੀ। ਆਪਣੀ ਕਹਾਣੀ ਸਿਰਜਣਾ ਬਾਰੇ ਗੱਲ ਕਰਦਿਆਂ ਉਨ੍ਹਾਂ ੁਕਿਹਾ ਕਿ ਕਹਾਣੀ ਦੇ ਮੁੱਖ ਪਾਤਰ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਹੀ ਹੋਣ। ਉਹ ਬਿਰਖ ਤੇ ਘਰ ਵੀ ਹੋੋ ਸਕਦੇ ਹਨ।
ਕਸ਼ਮੀਰੀ ਕਹਾਣੀਕਾਰਾ ਸੁਰਿੰਦਰ ਨੀਰ ਨੇ ਕਿਹਾ ਕਿ ਮੈਂ ਕਸ਼ਮੀਰ ਦੇ ਉਸ ਖਿੱਤੇ ਤੋਂ ਆਉਂਦੀ ਹਾਂ, ਜਿੱਥੇ ਪੰਜਾਬੀ ਭਾਸ਼ਾ ਨੂੰ ਫੈਲਾਉਣ ਦਾ ਕੰਮ ਗੁਰਦਵਰਾਇਆਂ ਨੇ ਕੀਤਾ। ਕਾਲਜ ਦੇ ਅਧਿਆਪਕਾਂ ਦੀ ਪ੍ਰੇਰਨਾ ਨਾਲ ਉਨ੍ਹਾਂ ਲਿਖਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਸ਼ਮੀਰ ਦੇ ਹਾਲਾਤ ਵਿਚ ਔਰਤਾਂ ਦੀ ਹੋਣੀ ਨੂੰ ਕਹਾਣੀਆਂ ਵਿਚ ਉਤਾਰਿਆ। ਔਰਤ ਮਰਦ ਦੇ ਜੀਵਨ ਵਿਚ ਪਿੱਠ ਭੂਮੀ ਵਿਚ ਵਿਚਰਦੀ, ਪਰ ਜਦੋਂ ਮਰਦ ਨੂੰ ਮੁਸੀਬਤ ਆਉਂਦੀ ਹੈ ਤਾਂ ਅਗਵਾਈ ਵੀ ਕਰਦੀ ਹੈ। ਅੱਤਵਾਦ ਸਿਰਫ ਗੋਲੀਆਂ ਬਦੰੂਕਾ ਨਾਲ ਹੀ ਨਹੀਂ ਹੁੰਦਾ। ਔਰਤ ਘਰ ਦੇ ਅੰਦਰ ਵੀ ਅੱਤਵਾਦ ਹੰਢਾਉਂਦੀ ਹੈ।
ਦੂਸਰੇ ਸੈਸ਼ਨ ਵਿਚ ‘ਪੰਜਾਬੀ ਗਲਪ : ਸਿਰਜਣਾ ਤੇ ਸਮੀਖਿਆ’ ਵਿਸ਼ੇ ਤੇ ਪੈਨਲ ਚਰਚਾ ਹੋਈ। ਇਸ ਪ੍ਰੋਗਰਾਮ ਦੇ ਸੰਚਾਲਕ ਡਾ. ਕੁਲਵੰਤ ਸਿੰਘ ਰਹੇ ਜਦਕਿ ਡਾ. ਮਹਿਲ ਸਿੰਘ ਜੀ ਨੇ ਪ੍ਰਧਾਨਗੀ ਕੀਤੀ। ਇਸ ਵਿਚਾਰ ਚਰਚਾ ਵਿਚ ਪ੍ਰਸਿੱਧ ਆਲੋਚਕ ਡਾ. ਹਰਿਭਜਨ ਸਿੰਘ ਭਾਟੀਆ, ਪ੍ਰਸਿੱਧ ਗਲਪਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਸਫਰਨਾਮਕਾਰ ਜਸ ਮੰਡ ਨੇ ਪੰਜਾਬੀ ਗਲਪ ਦੀ ਸਮੀਖਿਆ ਤੇ ਸਿਰਜਣਾ ਦੇ ਸਫਰ ਨੂੰ ਬਾਰੀਕੀ ਨਾਲ ਘੋਖਿਆ। ਉਨ੍ਹਾਂ ਪੰਜਾਬੀ ਕਹਾਣੀ ਤੇ ਪੰਜਾਬੀ ਨਾਵਲ ਦੀ ਸਮੀਖਿਆ ਦੇ ਉਤਰਾਅ-ਚੜਾਵਾਂ ਬਾਰੇ ਵਿਸਤਾਰ ਸਹਿਤ ਦੱਸਿਆ।
ਸਭਿਆਚਾਰਕ ਪ੍ਰੋਗਰਾਮਾਂ ਦੀ ਲੜੀ ਵਿਚ ਖ਼ਾਲਸਾ ਕਾਲਜ ਦੇ ਵਿਿਦਆਰਥੀਆਂ ਨੇ ਲੋਕ ਸਾਜ਼ਾਂ ਦੀ ਜੁਗਲਬੰਦੀ ਪੇਸ਼ ਕੀਤੀ ਤਾਂ ਦਰਸ਼ਕਾਂ ਨੂੰ ਲੋਕ-ਧੁਨਾਂ ’ਤੇ ਝੂਮਣ ਲਗਾ ਦਿੱਤਾ।
ਮੇਲੇ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਕੱਲ 11 ਮਾਰਚ ਨੂੰ ‘ਸੁਲਘਦੇ ਸਮਿਆਂ ਦਾ ਬਿਰਤਾਂਤ: ਸਮਕਾਲੀ ਪੰਜਾਬੀ ਕਹਾਣੀ’ ਵਿਸ਼ੇ ਤੇ ਪੈਨਲ ਚਰਚਾ ਹੋਵੇਗੀ। ਇਸ ਚਰਚਾ ਦੇ ਸੰਯੋਜਕ ਬਲਦੇਵ ਧਾਲੀਵਾਲ ਹੋਣਗੇ ਜਦਕਿ ਇਸ ਵਿਚਾਰ ਚਰਚਾ ਵਿਚ ਪੰਜਾਬੀ ਕਹਾਣੀਕਾਰ ਅਜਮੇਰ ਸਿੱਧੂ, ਦੇਸ ਰਾਜ ਕਾਲੀ, ਬਲਜੀਤ ਰੈਨਾ, ਡਾ. ਸੁਖਪਾਲ ਥਿੰਦ, ਭਗਵੰਤ ਰਸੂਲਪੁਰੀ ਅਤੇ ਦੀਪ ਦਵਿੰਦਰ ਸ਼ਾਮਲ ਹੋਣਗੇ। ਦੁਪਹਿਰ ਇਕ ਵਜੇ ਕੰਪਿਊਟਰ ਤਕਨਾਲੋਜੀ ਤੇ ਪੰਜਾਬੀ ਭਾਸ਼ਾ ਵਿਸ਼ੇ ਤੇ ਗੁਰਪ੍ਰੀਤ ਸਿੰਘ ਲਹਿਲ ਅਤੇ ਸੀ. ਪੀ. ਕੰਬੋਜ ਵਿਚਾਰ ਚਰਚਾ ਕਰਨਗੇ ਦੋ ਵਜੇ ਪ੍ਰਸਿੱਧ ਵਾਰਤਕਕਤਾਰ ਨਿੰਦਰ ਘੰੁਗਿਆਣਵੀ ਦਾ ਰੂ-ਬਰੂ ਹੋਵੇਗਾ ਤੇ ਉਹ ਆਪਣੀ ਲੋਕ ਗਾਇਕੀ ਦਾ ਰੰਗ ਵੀ ਪੇਸ਼ ਕਰਨਗੇ। ਜਦਕਿ ਸ਼ਾਮ ਸਮੇਂ ਕੇਵਲ ਧਾਲੀਵਾਲ ਦੀ ਟੀਮ ਦੁਆਰਾ ਨਾਟਕ ਬਸੰਤੀ ਚੋਲਾ ਪੇਸ਼ ਕੀਤਾ ਜਾਵੇਗਾ।