News and Events

News And Events

ਪੁਸਤਕ ਮੇਲੇ ਦੇ ਪੰਜਵੇਂ ਦਿਨ ਵਾਤਾਵਰਨ ਦੇ ਨਾਮ

 

 

ਪੰਜਾਬ ਸਦਾਚਿਰਜੀਵੀ ਹਰੀ ਕ੍ਰਾਂਤੀ ਲਿਆ ਸਕਦਾ ਹੈ: ਡਾ. ਦਵਿੰਦਰ ਕੁਮਾਰ
ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਪੰਜਵੇਂ ਦਿਨ ਵਾਤਾਵਰਨ ਤੇ ਖੇਤ ਸੰਕਟ ਦੇ ਮਸਲਿਆਂ ਬਾਰੇ ਗੰਭੀਰ ਚਿੰਤਨ ਨੂੰ ਸਮਰਪਿਤ ਰਿਹਾ।
‘ਮੇਲਾ ਚਹੁੰ ਕੂਟਾਂ ਦਾ’ ਵਿਚ ਮਾਝੇ, ਮਾਲਵੇ, ਦੁਆਬੇ ਅਤੇ ਪੁਆਧ ਦਾ ਸਭਿਆਚਾਰਕ ਰੰਗ

ਅੰਮ੍ਰਿਤਸਰ, 9 ਮਾਰਚ: ਪੰਜਾਬ ਸਦਾਚਿਰਜੀਵੀ ਹਰੀ ਕ੍ਰਾਂਤੀ ਲਿਆ ਸਕਦਾ ਹੈ, ਇਸ ਵਾਸਤੇ ਸਿਆਸੀ ਇੱਛਾ-ਸ਼ਕਤੀ ਹੋਣੀ ਚਾਹੀਦੀ ਹੈ। ਇਹ ਵਿਚਾਰ ਖੇਤੀ ਮਸਲਿਆਂ ਦੇ ਸੰਸਰ ਪ੍ਰਸਿੱਧ ਮਾਹਿਰ ਡਾ. ਦਵਿੰਦਰ ਸ਼ਰਮਾ ਨੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਪੰਜਵੇਂ ਦਿਨ ਭਾਰਤ ਦੇ ਅਨਾਜ ਭੰਭਾਰ ਵਿਚ ਖੇਤੀਬਾੜੀ ਸਥਿਰਤਾ: ਵਾਤਾਵਰਣਿਕ ਪਰਿਪੇਖ ਵਿਸ਼ੇ ’ਤੇ ਬੋਲਦਿਆਂ ਪ੍ਰਗਟ ਕੀਤੇ। ਭਾਰਤ ਦੇ ਕਿਸਾਨੀ ਸੰਕਟ ਬਾਰੇ ਅੰਕੜਿਆਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਅੱਜ ਕਿਸਾਨ ਦੀ ਮਹੀਨੇਵਾਰ ਆਮਦਨ ਇੰਨੀ ਵੀ ਨਹੀਂ ਕਿ ਉਹ ਇਕ ਗਾਂ ਪਾਲ ਸਕੇ, ਫਿਰ ਉਹ ਆਪਣਾ ਪੂਰਾ ਪਰਿਵਾਰ ਕਿਵੇਂ ਪਾਲ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਘਟੋ ਘਟ ਤੀਹ ਹਜ਼ਾਰ ਰੁਪਏ ਮਹੀਨਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਰੀ ਕ੍ਰਾਂਤੀ ਵਿਚ ਮੋਹਰੀ ਰਿਹਾ ਤੇ ਇਸ ਵਿਚ ਕਿਸਾਨਾਂ ਨੇ ਵਧ ਚੜ੍ਹ ਕੇ ਯੋਗਦਾਨ ਦਿੱਤਾ। ਪਰ ਇਸ ਵਿਚ ਕਿਸਾਨਾਂ ਨੂੰ ਸ਼ਾਮਲ ਕਰਵਾਉਣ ਲਈ ਸਰਕਾਰਾਂ ਨੇ ਵੱਡੇ ਪੱਧਰ ਦੀ ਇੱਛਾ ਸ਼ਕਤੀ ਦਿਖਾਈ ਤੇ ਬੁਨਿਆਦੀ ਢਾਂਚਾ ਉਸਾਰਨ ਵਿਚ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਤੇ ਪੰਜਾਬ ਨੂੰ ਦੂਸਰੀ ਹਰੀ ਕ੍ਰਾਂਤੀ ਦੀ ਲੋੜ ਨਹੀਂ ਹੈ, ਕਿਉਂਕਿ ਇਹ ਹਰੀ ਕ੍ਰਾਂਤੀ ਦੇ ਨਾਲ ਆਏ ਵਿਗਾੜਾਂ ਨੂੰ ਹੋਰ ਅੱਗੇ ਲੈ ਜਾਵੇਗੀ। ਜਦਕਿ ਪੰਜਾਬ ਦੇ ਵਾਤਾਵਰਨ ਨੂੰ ਮੁੜ ਸਰਜੀਤ ਕਰਨ ਲਈ ਵਾਤਾਵਰਨ ਆਧਾਰਤ ਸਦਾਚਿਰਜੀਵੀ ਹਰੀ ਕ੍ਰਾਂਤੀ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕ੍ਰਾਂਤੀ ਲਿਆਉਣੀ ਸੰਭਵ ਹੈ ਅਤੇ ਇਸ ਲਈ ਉਸੇ ਤਰ੍ਹਾਂ ਦਾ ਵੱਡਾ ਆਰਥਕ ਤੇ ਬੁਨਿਆਦੀ ਢਾਂਚਾ ਖੜ੍ਹਾ ਕਰਨ ਦੀ ਜ਼ਿੰਮੇਵਾਰੀ ਸਰਕਾਰਾਂ ਨੂੰ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਸਾੜ੍ਹਨ ਤੇ ਪੰਜਾਬ ਦੇ ਜ਼ਮੀਨਦੋਖ਼ ਪਾਣੀ ਦੇ ਘਟਣ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਤੇ ਉਹ ਵੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਨ। ਪਰ ਇਸ ਸਭ ਕੁਝ ਦਾ ਭਾਰ ਇਕੱਲੇ ਕਿਸਾਨਾਂ ’ਤੇ ਛੱਡ ਦੇਣ ਨਾਲ ਇਨ੍ਹਾਂ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ।ਉਹਨਾਂ ਨੇ ਭਾਰਤ ਦੇ ਅਨਾਜ ਭੰਡਾਰ ਨੂੰ ਭਰਨ ਲਈ ਪੰਜਾਬ ਦੀ ਕਿਸਾਨੀ ਦੁਆਰਾ ਪਾਏ ਗਏ ਯੋਗਦਾਨ ਨੂੰ ਯਾਦ ਕਰਦਿਆ ਵਰਤਮਾਨ ਸਮੇਂ ਵਿਚ ਪੰਜਾਬ ਦੇ ਖੇਤੀਬਾੜੀ ਖੇਤਰ ਦੇ ਸੰਕਟ ਦੀ ਵੱਖ-ਵੱਖ ਪਰਤਾਂ ਫਰੋਲੀਆਂ।
ਇਸ ਤੋਂ ਪਹਿਲਾਂ ਪੰਜਵੇਂ ਦਿਨ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਆਪਣੀ ਪ੍ਰੰਪਰਾਵਾਂ ਅਨੁਸਾਰ ਪੰਜਾਬ ਦੇ ਵਰਤਮਾਨ ਹਾਲਾਤ ਬਾਰੇ ਵਿਚਾਰ ਚਰਚਾ ਕਰਨ ਦਾ ਕੇਂਦਰ ਬਣਿਆ ਹੋਇਆ ਹੈ। ਅਸੀਂ ਹਰ ਖੇਤਰ ਦੇ ਵਿਦਵਾਨਾਂ ਨੂੰ ਆਪਣੀ ਚਿੰਤਾ ਜਾਹਰ ਕਰਨ ਦਾ ਪਲੇਟਫਾਰਮ ਮੁਹੱਇਆ ਕਰਵਾ ਰਹੇ ਹਾਂ ਤਾਂ ਜੋ ਪੰਜਾਬ ਦੇ ਚੰਗੇਰੇ ਭਵਿੱਖ ਬਾਰੇ ਕੋਈ ਕਨਸ਼ਾ ਬਣਾ ਸਕੀਏ।
ਦੁਪਹਿਰ ਸਮੇਂ ਸ਼ੁਰੂ ਹੋਏ ਦੂਸਰੇ ਪ੍ਰੋਗਰਾਮ ‘ਕਾਇਦਾ-ਏ-ਨੂਰ: ਇੱਕੀਵੀਂ ਸਦੀ (ਮਾਤ-ਭਾਸ਼ਾਵਾਂ ਨੂੰ ਸਮਰਪਿਤ ਰਿਲੀਜ਼ ਰਸਮ)’ ਵਿਚ ਵਿਦਵਾਨਾਂ ਨੇ ਪੰਜਾਬ ਦੇ ਵਰਤਮਾਨ ਸੰਕਟ ਬਾਰੇ ਵਿਚਾਰ ਚਰਚਾ ਕੀਤੀ। ਇਸ ਪ੍ਰੋਗਰਾਮ ਦੇ ਸੰਯੋਜਨ ਜਗਤ ਪੰਜਾਬੀ ਸਭਾ ਕੈਨੇਡਾ ਦੇ ਪ੍ਰਬੰਧਕ ਡਾ. ਅਜਾਇਬ ਸਿੰਘ ਚੱਠਾ ਨੇ ਕੀਤਾ। ਜਦਕਿ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤੀ ਅਤੇ ਇਸ ਦਾ ਸੰਚਾਲਨ ਪਿੰ੍ਰ. ਬੇਅੰਤ ਕੌਰ ਸ਼ਾਹੀ ਨੇ ਕੀਤਾ। ਇਸ ਪ੍ਰੋਗਰਾਮ ਵਿਚ ਆਪਣੇ ਵਿਚਾਰ ਪੇਸ਼ ਕਰਨ ਵਾਲੇ ਵਿਦਵਾਨਾਂ ਵਿਚ ਡਾ. ਸ.ਸ. ਗਿੱਲ (ਸਾਬਕਾ ਵੀ. ਸੀ.), ਰਵਿੰਦਰ ਢਿੱਲੋਂ, ਪ੍ਰਿੰ. ਕੰਵਲਜੀਤ ਕੌਰ ਬਾਜਵਾ, ਪ੍ਰਿੰ. ਡਾ. ਰਜਿੰਦਰ ਸਿੰਘ, ਪ੍ਰਿੰ. ਬਲਦੇਵ ਸਿੰਘ, ਸਤਿੰਦਰ ਕੌਰ ਕਾਹਲੋਂ ਸ਼ਾਮਲ ਸਨ। ਵਿਦਵਾਨਾਂ ਨੇ ਕਾਇਦਾ-ਏ-ਨੂਰ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਲੋਕਾਂ ਨੂੰ ਅੱਖਰ-ਗਿਆਨ ਦੇਣ ਲਈ ਇਹ ਕਾਇਦਾ ਹਰ ਪਿੰਡ ਵਿਚ ਵੰਡਿਆ ਗਿਆ। ਜਿਸ ਦੀ ਵਰਤੋਂ ਕਰਕੇ ਪਿੰਡ ਦੇ ਮੋਹਤਬਰ ਪਿੰਡ ਦੇ ਪੰਜ ਵਿਅਕਤੀਆਂ ਨੂੰ ਅੱਖਰ ਗਿਆਨ ਦਿੰਦੇ। ਫਿਰ ਉਹ ਵਿਅਕਤੀ ਪੰਜ ਹੋਰ ਕਾਇਦੇ ਆਪਣੇ ਹੱਥੀਂ ਤਿਆਰ ਕਰਕੇ ਅੱਗੇ ਪੰਜ-ਪੰਜ ਹੋਰ ਵਿਅਕਤੀਆਂ ਨੂੰ ਸਿੱਖਿਅਤ ਕਰਦੇ। ਇਸ ਤਰ੍ਹਾਂ ਉਸ ਕਾਲ ਵਿਚ ਪੰਜਾਬ ਦੀ ਸਿੱਖਿਆ ਦਰ ਬਹੁਤ ਜ਼ਿਆਦਾ ਸੀ।ਇਸ ਮੌਕੇ ਰਿਲੀਜ਼ ਕੀਤੇ ਗਏ ਕਾਇਦਾ-ਏ-ਨੂਰ: ਇੱਕਵੀਂ ਸਦੀ ਬਾਰੇ ਉਨ੍ਹਾਂ ਕਿਹਾ ਕਿ ਇਹ ਕਾਇਦਾ ਨਵੀਂ ਪੀੜ੍ਹੀ ਨੂੰ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ, ਹਿੰਦੀ, ਸ਼ਾਹਮੁੱਖੀ ਤੇ ਉਰਦੂ ਸਿੱਖਣ ਵਿਚ ਮਦਦ ਕਰੇਗਾ। ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕਾਉਂਸਿਲ ਦੇ ਆਨਰੇਰੀ ਸਕੱਤਰ ਸ. ਰਜਿੰਦਰ ਮੋਹਨ ਛੀਨਾ ਨੇ ਜਗਤ ਪੰਜਾਬੀ ਸਭਾ ਦੇ ਮੈਂਬਰਾਂ ਦੇ ਕਾਇਦਾ-ਏ-ਨੂਰ ਦੇ ਉਪਰਾਲੇੇ ਦੀ ਸ਼ਲਾਘਾ ਕਰਦਿਆਂ, ਇਸ ਦੇ ਰਿਲੀਜ਼ ਮੌਕੇ ਉਨ੍ਹਾਂ ਨੂੰ ਵਧਾਈ ਪੇਸ਼ ਕੀਤੀ।
ਬਾਅਦ ਦੁਪਹਿਰ ਹੋਏ ਪ੍ਰੋਗਰਾਮ ‘ਮੇਲਾ ਚਹੁੰ ਕੂਟਾਂ ਦਾ’ ਵਿਚ ਪੰਜਾਬ ਦੇ ਮਾਝੇ, ਮਾਲਵੇ, ਦੁਆਬੇ ਅਤੇ ਪੁਆਧ ਦੇ ਇਲਾਕੇ ਦੇ ਸਭਿਆਚਾਰਕ ਰੰਗ ਵੇਖ ਕੇ ਦਰਸ਼ਕ ਗਦਗਦ ਹੋ ਗਏ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਵਿਚ ਪੰਜਾਬ ਦੇ ਵੱਖ-ਵੱਖ ਖਿੱਤਿਆਂ ਦੇ ਲੋਕ-ਕਲਾਕਾਰਾਂ ਨੇ ਪਰੰਪਰਾਗਤ ਰੰਗ ਤੇ ਅੰਦਾਜ਼ ਵਿਚ ਲੋਕ ਧੁਨਾਂ ਤੇ ਤਰਜ਼ਾਂ ਦੀ ਪੇਸ਼ਕਾਰੀ ਕੀਤੀ। ਇਸ ਸਮਾਗਮ ਵਿਚ ਪੰਜਾਬ ਦੇ ਮੇਲਿਆਂ ਵਾਲਾ ਵਿਰਾਸਤੀ ਰੰਗ ਮੰਚ ’ਤੇ ਸੁਰਜੀਤ ਹੁੰਦਾ ਹੋਇਆ ਨਜ਼ਰ ਆਇਆ।
ਮੇਲੇ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਦੇ ਛੇਵੇਂ ਦਿਨ ਕੱਲ 10 ਮਾਰਚ ਨੂੰ ਪ੍ਰੋਗਰਾਮ ‘ਨਾਰੀ ਮਨ ਦੀਆਂ ਬਾਤਾਂ’ ਪ੍ਰੋਗਰਾਮ ਤਹਿਤ ਪੰਜਾਬੀ ਕਹਾਣੀ ਦੇ ਸੰਦਰਭ ਵਿਚ ਔਰਤ ਮਨ ਬਾਰੇ ਵਿਚਾਰ ਚਰਚਾ ਹੋਵੇਗੀ ਜਿਸ ਦੇ ਸੰਯੋਜਕ ਡਾ. ਰਮਿੰਦਰ ਕੌਰ, ਸਾਬਕਾ ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨਵਿਰਸਿਟੀ ਹੋਣਗੇ ਅਤੇ ਇਸ ਵਿਚ ਪੰਜਾਬੀ ਦੀਆਂ ਕਹਾਣੀਕਾਰਾ ਦੀਪਤੀ ਬਬੂਟਾ, ਤ੍ਰਿਪਤਾ ਕੇ.ਸਿੰਘ, ਸੁਰਿੰਦਰ ਨੀਰ, ਅਰਵਿੰਦਰ ਧਾਲੀਵਾਲ, ਅਤੇ ਸਰਘੀ ਹਿੱਸਾ ਲੈਣਗੀਆਂ।ਇਸ ਤੋਂ ਬਾਅਦ ਸਮਕਾਲੀ ਪੰਜਾਬੀ ਕਹਾਣੀ ਸੰਵਾਦ ਪ੍ਰੋਗਰਾਮ ਵਿਚ ਡਾ. ਮਹਿਲ ਸਿੰਘ, ਸੁਕੀਰਤ, ਜਸ ਮੰਡ ਤੇ ਬਲਬੀਰ ਪਰਵਾਨਾ ਪੰਜਾਬੀਕਹਾਣੀ ਦੇ ਨਵੇਂ ਨਕਸ਼ਾਂ ਬਾਰੇ ਵਿਚਾਰ ਚਰਚਾ ਕਰਨਗੇ। ਸ਼ਾਮ ਸਮੇਂ ਕਾਲਜ ਦੇ ਵਿਿਦਆਰਥੀਆਂ ਵੱਲੋਂ ਲੋਕ ਸਾਜਾਂ ਦੀ ਜੁਗਲਬੰਦੀ ਪੇਸ਼ ਕੀਤੀ ਜਾਵੇਗੀ।