• icon0183-5015511, 2258097, 5014411
  • iconkhalsacollegeamritsar@yahoo.com
  • IQAC

Department

ਸਾਹਿਤ ਉਤਸਵ ਅਤੇ ਪੁਸਤਕ ਮੇਲਾ (14-18 ਫਰਵਰੀ 2023)


 

ਅੱਠਵਾਂ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ 14 ਫਰਵਰੀ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ। ਕਾਲਜ ਸ਼ਬਦ ਤੋਂ ਬਾਅਦ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਰਿਲੀਜ਼ ਕੀਤੀਆਂ ਜਾਣ ਵਾਲੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ। ਮੇਲੇ ਦਾ ਉਦਘਾਟਨ ਕਰਨ ਪਹੁੰਚੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਉਦਘਾਟਨੀ ਸ਼ਬਦਾਂ ਵਿਚ ਕਿਹਾ ਕਿ ਖ਼ਾਲਸਾ ਕਾਲਜ ਸਿੱਖ ਸਮਾਜ ਦੀ ਚਾਨਣ-ਮੁਨਾਰਾ ਇਤਿਹਾਸਕ ਵਿਿਦਅਕ ਸੰਸਥਾ ਹੈ ਉਹਨਾਂ ਕਿਹਾ ਕਿ ਇਲੈਕਟ੍ਰਾਨਿਕ ਯੁੱਗ ਵਿਚ ਵੀ ਕਿਤਾਬਾਂ ਦਾ ਕੋਈ ਬਦਲ ਨਹੀਂ ਹੈ। ਇਸ ਲਈ ਸਾਡੇ ਨੌਜਵਾਨਾਂ ਨੂੰ ਪੁਸਤਕਾਂ ਨਲ ਜੁੜਨਾ ਚਾਹੀਦਾ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ. ਰਜਿੰਦਰ ਮੋਹਨ ਸਿੰਘ ਛੀਨਾ, ਆਨਰੇਰੀ ਸਕੱਤਰ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਨੇ ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਕਿਹਾ ਕਿ ਖ਼ਾਲਸਾ ਕਾਲਜ ਆਪਣੀ ਸਥਾਪਨਾ ਦੇ ਪਹਿਲੇ ਦਿਨ ਤੋਂ ਹੀ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਬਿਹਤਰੀ ਲਈ ਵਚਨਬੱਧ ਰਿਹਾ ਹੈ। ਉਦਘਾਟਨੀ ਸਮਾਗਮ ਵਿਚ ਸ਼ਾਮਲ ਮਹਿਮਾਨਾਂ ਵੱਲੋਂ ਕਾਲਜ ਦਾ ਖੋਜ ਰਸਾਲਾ ‘ਸੰਵਾਦ-17, ‘ਖ਼ਾਲਸਾ ਕਾਲਜ ਅੰਮ੍ਰਿਤਸਰ-ਚਾਨਣ ਮੁਨਾਰਾ’ (ਕੌਫੀ ਟੇਬਲ ਬੁੱਕ), ਸ. ਹਰਭਜਨ ਸਿੰਘ ਚੀਮਾ ਦੀ ਪੁਸਤਕ ‘ਮ੍ਹਾਰਾਜਾ ਰਣਜੀਤ ਸਿੰਘ-ਸਿੱਖ ਰਾਜ ਦੀਆਂ ਬਾਤਾਂ’, ਡਾ. ਹਰਦੇਵ ਸਿੰਘ ਦੀ ਪੁਸਤਕ ‘ਭਾਈ ਨੰਦ ਲਾਲ ਦੀਆਂ ਰਚਨਾਵਾਂ ਅਤੇ ਸਿੱਖ ਫਲਸਫਾ ਅਤੇ ਅਜੈਪਾਲ ਸਿੰਘ ਢਿੱਲੋਂ ਦੀ ਕਾਵਿ ਪੁਸਤਕ ‘ਅਜੰਮਲ’ ਨੂੰ ਰਿਲੀਜ਼ ਕੀਤਾ ਗਿਆ। ਬਾਅਦ ਦੁਪਹਿਰ ਗਾਇਕ ਬੀਰ ਸਿੰਘ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਮੰਤਰ ਮੁਗਦ ਕੀਤਾ।
ਦੂਸਰੇ ਦਿਨ ਸ਼ੁਰੂਆਤ ਸ. ਮਹਿੰਦਰ ਸਿੰਘ ਸਰਨਾ ਜਨਮ-ਸ਼ਤਾਬਦੀ ਨੂੰ ਸਮਰਪਿਤ ਪੈਨਲ ਚਰਚਾ ਨਾਲ ਹੋਈ। ਸ. ਨਵਤੇਜ ਸਿੰਘ ਸਰਨਾ ਨੇ ਸ. ਮਹਿੰਦਰ ਸਿੰਘ ਸਰਨਾ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਚਰਚਾ ਕੀਤੀ। ਦੂਸਰੀ ਪੈਨਲ ਚਰਚਾ ਦਾ ਵਿਸ਼ਾ ਖ਼ਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਪੁਸਤਕ ‘ਸੰਵਾਦ ਏ ਪੰਜਾਬ’ ਸੀ। ਦੂਸਰੇ ਦਿਨ ਦੀ ਸਮਾਪਤੀ ਸੂਫੀ ਗਾਇਕ ਯਾਕੂਬ ਦੀ ਗਾਇਕੀ ਨਾਲ ਕੀਤੀ ਗਈ।
ਮੇਲੇ ਦਾ ਤੀਸਰਾ ਦਿਨ ਵੱਖ-ਵੱਖ- ਕਲਾਵਾਂ ਨੂੰ ਸਮਰਪਿਤ ਰਿਹਾ। ਮੇਲੇ ਦੀ ਸ਼ੁਰੂਆਤ ਸਵੇਰੇ 11 ਵਜੇ ਕੌਮਾਂਤਰੀ ਚਿੱਤਰਕਾਰ ਸਿਧਾਰਥ ਦੀ ਚਿੱਤਰਕਲਾ ਦੇ ਪ੍ਰਦਰਸ਼ਨ ਨਾਲ ਹੋਈ। ਉਹਨਾਂ ਨੇ ਭਾਰਤੀ ਅਤੇ ਪੰਜਾਬੀ ਚਿੱਤਰਕਾਰੀ ਤੋਂ ਬਿਨਾਂ ਆਪਣੇ ਚਿੱਤਰਕਾਰੀ ਦੇ ਸਫਰ ਬਾਰੇ ਵੀ ਦਰਸ਼ਕਾਂ ਨੂੰ ਦੱਸਿਆ ਅਤੇ ਕੁਝ ਚਿੱਤਰ ਦਰਸ਼ਕਾਂ ਸਾਹਮਣੇ ਬਣਾ ਕੇ ਉਹਨਾਂ ਦੇ ਨਮੂਨੇ ਦਿਖਾ ਕੇ ਹੈਰਾਨ ਵੀ ਕੀਤਾ। ਦੂਸਰੇ ਪ੍ਰੋਗਰਾਮ ਬੁੱਲ੍ਹਾ ਕੀ ਜਾਣਾ ਮੈਂ ਕੌਣ’ ਵਿਚ ਰੱਬੀ ਸ਼ੇਰਗਿੱਲ ਨੇ ਪੰਜਾਬ ਬਾਰੇ ਸੰਵਾਦ ਰਚਾਉਂਦਿਆਂ ਕਿਹਾ ਕਿ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੁੜਦਿਆਂ ਹੋਇਆਂ ਕਲਾ ਰਾਹੀਂ ਪੰਜਾਬ ਨੂੰ ਬਿਹਤਰੀਨ ਬਣਾਉਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।
ਪੁਸਤਕ ਮੇਲੇ ਦਾ ਚੌਥਾ ਦਿਨ ਦੀ ਸ਼ੁਰੂਆਤ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵੱਲੋਂ ਆਯੋਜਿਤ ਭਾਈ ਵੀਰ ਸਿੰਘ ਜਨਮ-ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਨਾਲ ਹੋਈ, ਜਿਸ ਦਾ ਵਿਸ਼ਾ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ : ਭਾਈ ਵੀਰ ਸਿੰਘ ਸੀ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰਸਿੱਧ ਸਾਹਿਤ ਚਿੰਤਕ ਡਾ. ਰਾਣਾ ਨਈਅਰ ਸਨ। ਬਾਅਦ ਦੁਪਹਿਰ ਬਾਬਾ ਬੇਲੀ ਵੱਲੋਂ ਸੱਭਿਆਚਾਰਕ ਗਾਇਕੀ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੇ ਦਰਸ਼ਕਾਂ ਨੂੰ ਮਸਤੀ ਵਿਚ ਝੂਮਣ ਲਗਾ ਦਿੱਤਾ।
ਮੇਲੇ ਦੇ ਅਖੀਰਲੇ ਦਿਨ ਦੀ ਸ਼ੁਰੂਆਤ ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ ਵੱਲੋਂ ਕਰਵਾਏ ਗਏ ਮਿੰਨੀ ਕਹਾਣੀ ਦਰਬਾਰ ਤੋਂ ਹੋਈ। ਦੂਸਰੇ ਪ੍ਰੋਗਰਾਮ ਵਿਚ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਵਰਿਆਮ ਸੰਧੂ ਦਾ ਰੂਬਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਰਮਿੰਦਰ ਕੌਰ ਨੇ ਕੀਤੀ, ਜਦਕਿ ਲੇਖਕ ਨਾਲ ਸੰਵਾਦ ਡਾ. ਕੁਲਵੰਤ ਸਿੰਘ ਨੇ ਰਚਾਇਆ ਅਤੇ ਹਾਜ਼ਰ ਸਰੋਤਿਆਂ ਨੂੰ ਇਸ ਦਾ ਹਿੱਸਾ ਬਣਾਇਆ। ਬਾਅਦ ਦੁਪਹਿਰ ਪੰਜਾਬ ਸੰਗੀਤ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਗੁਰਮੀਤ ਬਾਵਾ ਨੂੰ ਸਮਰਪਿਤ ਹੋਏ ਸੱਭਿਆਚਾਰਕ ਪ੍ਰੋਗਰਾਮਾਂ ਦੀ ਸ਼ੁਰੂਆਤ ਵਿਚ ਗਲੋਰੀ ਬਾਵਾ ਨੇ ਸੱਭਿਆਚਾਰਕ ਗੀਤਾਂ ਨਾਲ ਰੰਗ ਬੰਨਿਆ। ਮੇਲੇ ਦੇ ਮੁੱਖ ਪ੍ਰਬੰਧਕ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਪੰਜ ਦਿਨਾਂ ਮੇਲਾ ਬਹੁਤ ਵੱਡੀ ਸਫਲਤਾ ਨਾਲ ਸਮਾਪਤ ਹੋਇਆ ਹੈ।