Activities P.G. Department of Punjabi Studies

Khalsa College Sahit Sabha organised seminar for students on Guru Nanak Bani


 

ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸਾਹਿਤ ਸਭਾ ਨੇ  “ਗੁਰੂ ਨਾਨਕ ਬਾਣੀ : ਆਧੁਨਿਕ ਸਮੇਂ ਵਿੱਚ ਪ੍ਰਾਸੰਗਿਕਤਾ”  ਵਿਸ਼ੇ ਤੇ ਕਰਵਾਇਆ ਵਿਦਿਆਰਥੀ ਸੈਮੀਨਾਰ

 

ਅੰਮ੍ਰਿਤਸਰ :- ਸਥਾਨਕ ਖ਼ਾਲਸਾ ਕਾਲਜ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਡਾ. ਸ਼ਿਆਮ ਸੁੰਦਰ ਦੀਪਤੀ, ਪ੍ਰੋਫੈਸਰ ਕਮਿਊਨਟੀ ਮੈਡੀਸਨ ਵਿਭਾਗ, ਮੈਡੀਕਲ ਕਾਲਜ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਈ ਕਿਸਮ ਦੀਆਂ ਗਤੀਵਿਧੀਆਂ ਕਰਦਾ ਹੈ ਜਿਸ ਵਿੱਚ ਸਾਹਿਤ ਸਭਾ ਪ੍ਰਮੁੱਖ ਸੰਸਥਾ ਵਜੋਂ ਵਿਦਿਆਰਥੀਆਂ ਵਿੱਚ ਹਰਮਨ ਪਿਆਰੀ ਬਣ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਡਾ. ਦੀਪਤੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਘਰ-ਘਰ ਪਹੁੰਚਾਉਣ ਲਈ ਅਮਲੀ ਰੂਪ ਵਿਚ ਤਤਪਰ ਵਿਦਵਾਨ ਹਨ।

ਸਾਹਿਤ ਸਭਾ ਦੇ ਇਸ ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਅਤੇ ਸਾਹਿਤ ਸਭਾ ਇੰਚਾਰਜ ਡਾ. ਹੀਰਾ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਸਾਲ ਸਮੁੱਚੀ ਸਿੱਖ ਸੰਗਤ ਸਮੁੱਚੇ ਵਿਸ਼ਵ ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੀ ਹੈ, ਸਾਹਿਤ ਸਭਾ ਦੇ ਵਿਦਿਆਰਥੀਆਂ ਰਾਹੀਂ ਗੁਰੂ ਜੀ ਦੀ ਸਿੱਖਿਆ ਨੂੰ ਘਰ-ਘਰ ਪ੍ਰਚਾਰਨ ਲਈ ਇਹ ਵਿਦਿਆਰਥੀਆਂ ਦਾ ਸੈਮੀਨਾਰ ਉਲੀਕਿਆ ਗਿਆ ਸੀ ਜਿਸ ਨੂੰ ਵਿਦਿਆਰਥੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ ਇਸ ਸੈਮੀਨਾਰ ਵਿਚ ਵੱਖ-ਵੱਖ ਵਿਭਾਗਾਂ ਦੇ ਸੱਤ ਵਿਦਿਆਰਥੀ ਆਪਣੇ ਪੇਪਰ ਪੇਸ਼ ਕਰ ਰਹੇ ਹਨ।

ਇਸ ਸੈਮੀਨਾਰ ਵਿੱਚ ਬੀ. ਐੱਸ. ਸੀ. ਐਗਰੀਕਲਚਰ ਦੀ ਵਿਦਿਆਰਥਣ ਮਾਨਵਜੌਤ ਕੌਰ ਨੇ ਗੁਰੂ ਨਾਨਕ ਦੇਵ ਜੀ ਦੀ ਵਿਸ਼ਾਲਤਾ; ਐੱਮ. ਏ. ਪੰਜਾਬੀ ਦੇ ਵਿਦਿਆਰਥੀ ਦਿਲਬਾਗ ਸਿੰਘ ਨੇ “ਗੁਰੂ ਨਾਨਕ ਬਾਣੀ ਵਿਚੋਂ ਨਿੱਤਰਦੀ ਗੁਰਸਿੱਖ ਦੀ ਪਛਾਣ” ਐੱਮ. ਏ. ਪੰਜਾਬੀ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ “ਗੁਰੂ ਨਾਨਕ ਜੀ ਦੀ ਵਿਚਾਰਧਾਰਾ ਤੇ ਅਸੀਂ” ਬੀ. ਐੱਫ. ਐੱਸ. ਟੀ. ਦੀ ਵਿਦਿਆਰਥਣ ਨਵਦੀਪ ਕੌਰ ਨੇ “ਨਾਨਕ ਬਾਣੀ ਪਰਿਪੇਖ” ਅਤੇ ਐੱਮ. ਫਿੱਲ. ਪੰਜਾਬੀ ਦੇ ਖੋਜਾਰਥੀ ਵਜ਼ੀਰ ਸਿੰਘ ਨੇ “ਨਾਨਕ ਬਾਣੀ ਵਿੱਚ ਕਿਰਤ ਦਾ ਸੰਕਲਪ “ ਵਿਸ਼ੇ ਤੇ ਭਾਵ-ਪੂਰਤ ਪੇਪਰ ਪੇਸ਼ ਕੀਤੇ।

ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਆਏ ਡਾ. ਦੀਪਤੀ ਨੇ ਵਿਦਿਆਰਥੀਆਂ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਬਹੁਤ ਸਵੈ-ਵਿਸ਼ਵਾਸ ਨਾਲ ਆਪਣੇ ਵਿਚਾਰ ਪੇਸ਼ ਕੀਤੇ ਹਨ ਤੇ ਉਹ ਗੁਰੂ ਨਾਨਕ ਜੀ ਦੇ ਕਿਰਤ, ਕੁਦਰਤ ਅਤੇ ਗਿਆਨ ਬਾਰੇ ਫਲਸਫੇ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਅਸੀਂ ਨਾਨਕ ਬਾਣੀ ਨੂੰ ਸਮਾਜਿਕ ਸਾਰਥਕਤਾ ਨਾਲ ਜੋੜ ਕੇ ਨਹੀਂ ਵੇਖਦੇ ਸਮਝਦੇ ਅਸੀਂ ਗੁਰੂ ਸਾਹਿਬ ਦੀ ਫਿਲਾਸਫੀ ਨਾਲ ਨਿਆਂ ਨਹੀਂ ਕਰ ਸਕਾਂਗੇ।

ਸੈਮੀਨਾਰ ਦੇ ਅੰਤ ਤੇ ਸਾਹਿਤ ਸਭਾ ਦੇ ਇੰਚਾਰਜ ਡਾ. ਭੁਪਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ, ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਵਿਦਿਆਰਥੀਆਂ ਨੇ ਮਿਹਨਤ ਨਾਲ ਪੇਪਰ ਤਿਆਰ ਕਰਕੇ ਅਤੇ ਸਵੈ-ਵਿਸ਼ਵਾਸ ਨਾਲ ਪੜ੍ਹ ਕੇ ਸਾਹਿਤ ਸਭਾ ਨੂੰ ਇਕ ਨਵੇਂ ਰੰਗ ਵਿਚ ਰੰਗ ਦਿੱਤਾ ਹੈ। ਇਸ ਮੌਕੇ ਤੇ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ.ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਅਮਨਦੀਪ ਕੌਰ ਥਿੰਦ, ਪ੍ਰੋ. ਗੁਰਸ਼ਿੰਦਰ ਕੌਰ, ਡਾ. ਰਾਜਬੀਰ ਕੌਰ, ਡਾ. ਪਵਨ ਕੁਮਾਰ, ਡਾ. ਰਜਨੀਸ਼ ਕੌਰ, ਡਾ. ਚਿਰਜੀਵਨ ਕੌਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ, ਡਾ. ਅੰਮ੍ਰਿਤ ਕੌਰ ਹਾਜ਼ਰ ਸਨ।

Back To Department Page